ਪੰਜਾਬ ਨਿਵਾਸੀਆਂ ਵੱਲੋਂ ਚੋਣਾਂ ਵਿਚ ਦਿੱਤੇ ਫਤਵੇਂ ਦਾ ਸਤਿਕਾਰ ਕਰਦੇ ਹਾਂ, ਪਰ ਪੰਜਾਬ ਸੂਬੇ ਦੇ ਹੱਕਾਂ ਅਤੇ ਇਨਸਾਫ਼ ਪ੍ਰਾਪਤੀ ਦੀ ਜੰਗ ਜਾਰੀ ਰਹੇਗੀ : ਪ੍ਰੋ. ਰਾਮਗੜ੍ਹੀਆ

ਫਾਜ਼ਿਲਕਾ 11 ਮਾਰਚ, “ਪੰਜਾਬ ਸੂਬੇ ਦੇ ਨਿਵਾਸੀਆਂ ਵੱਲੋਂ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਦੇ ਦਿੱਤੇ ਫਤਵੇਂ ਨੂੰ ਅਸੀਂ ਖਿੜੇ ਮੱਥੇ ਪ੍ਰਵਾਨ ਕਰਦੇ ਹਾਂ। ਪਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ ਸੂਬੇ ਦੀਆਂ ਹੱਕੀ ਮੰਗਾਂ, ਇਨਸਾਫ਼, ਕੌਮੀ ਅਣਖ਼-ਗੈਰਤ ਅਤੇ ਹੋਂਦ ਲਈ ਜੰਗ ਇਸੇ ਤਰ੍ਹਾਂ ਨਿਰੰਤਰ ਜਾਰੀ ਰੱਖੇਗਾ। ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਮਨੁੱਖਤਾ ਪੱਖੀ ਸੋਚ ਉਤੇ ਪਹਿਰਾ ਦਿੰਦੇ ਹੋਏ ਬਿਨ੍ਹਾਂ ਕਿਸੇ ਡਰ-ਭੈ ਅਤੇ ਦੁਨਿਆਵੀ ਲਾਲਸਾਵਾਂ ਤੋਂ ਰਹਿਤ ਰਹਿੰਦੇ ਹੋਏ, ਜਿਥੇ ਮਨੁੱਖਤਾ ਦੀ ਬਿਹਤਰੀ ਕਰਦੇ ਰਹਿਣ ਦਾ ਸੰਦੇਸ਼ ਦਿੱਤਾ ਹੈ। ਉਥੇ ਹੀ ਹਰ ਤਰ੍ਹਾਂ ਦੇ ਦੁਨਿਆਵੀ ਅਤੇ ਹਕੂਮਤੀ ਜ਼ਬਰ ਜੁਲਮ, ਬੇਇਨਸਾਫ਼ੀ ਤੇ ਵਿਤਕਰਿਆ ਵਿਰੁੱਧ ਦ੍ਰਿੜਤਾ ਨਾਲ ਆਵਾਜ ਬੁਲੰਦ ਕਰਦੇ ਰਹਿਣ ਦੇ ਸਾਨੂੰ ਆਦੇਸ਼ ਵੀ ਦਿੱਤੇ ਹਨ ।”

ਇਹਨਾ ਸ਼ਬਦਾਂ ਦਾ ਪ੍ਰਗਟਾਵਾ ਪ੍ਰੋ. ਹਰਕਿਰਨ ਜੀਤ ਸਿੰਘ ਰਾਮਗੜ੍ਹੀਆ (ਉਮੀਦਵਾਰ ਹਲਕਾ ਫਾਜ਼ਿਲਕਾ) ਨੇ ਸਮੁੱਚੇ ਪੰਜਾਬ ਦੇ ਚੋਣ ਨਤੀਜਿਆ ਉਪਰੰਤ ਪੰਜਾਬ ਨਿਵਾਸੀਆਂ ਵੱਲੋ ‘ਆਪ’ ਪਾਰਟੀ ਦੇ ਹੱਕ ਵਿਚ ਪੰਜਾਬੀਆਂ ਵੱਲੋ ਦਿੱਤੇ ਫਤਵੇਂ ਨੂੰ ਪ੍ਰਵਾਨ ਕਰਕੇ ਅਤੇ ਆਪ’ ਪਾਰਟੀ ਨੂੰ ਸੁਭਕਾਮਨਾਵਾਂ ਦਿੰਦੇ ਹੋਏ ਕੌਮੀ ਇਨਸਾਫ਼ ਪ੍ਰਾਪਤੀ ਦੀ ਜੰਗ ਨੂੰ ਜਾਰੀ ਰੱਖਣ ਦੀ ਗੱਲ ਕਰਦਿਆ ਕੀਤਾ।
ਪ੍ਰੋ. ਰਾਮਗੜ੍ਹੀਆ ਨੇ ਕਿਹਾ ਕਿ ਪਾਰਟੀ ਵੱਲੋਂ ਪੰਜਾਬ ਦੀਆਂ 83 ਸੀਟਾਂ ਤੇ ਉਮੀਦਵਾਰਾਂ ਨੂੰ ਉਤਾਰਿਆ ਗਿਆ ਸੀ। ਜਿਸ ਵਿੱਚ ਚੋਣਾਂ ਦੌਰਾਨ ਉਮੀਦਵਾਰਾਂ ਨੂੰ 3,86,176 ਵੋਟ ਪ੍ਰਾਪਤ ਹੋਏ ਹਨ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਪਾਰਟੀ ਸੋਚ ਦੇ 48000 ਸਮਰੱਥਕ ਸਨ, ਜੋ ਹੁਣ 9 ਗੁਣਾਂ ਵੱਧ ਚੁੱਕੇ ਹਨ। ਪ੍ਰੋ. ਰਾਮਗੜ੍ਹੀਆ ਨੇ ਕਿਹਾ ਕਿ ਸਾਡੀ ਸੱਚ-ਹੱਕ ਦੀ ਆਵਾਜ਼ ਦੇ ਪੈਰੋਕਾਰਾਂ ਦੀ ਗਿਣਤੀ ਦਾ ਵੱਡੀ ਗਿਣਤੀ ਵਿਚ ਵੱਧਣਾ ਇਹ ਵੀ ਪ੍ਰਤੱਖ ਕਰਦਾ ਹੈ ਕਿ ਸਾਡੇ ਉਪਰੋਕਤ 3,86,176 ਸਿਪਾਹੀ ਆਪਣੇ ਪੰਜਾਬ ਅਤੇ ਕੌਮ ਪੱਖੀ ਇਨਸਾਫ਼ ਪਸੰਦ ਸੋਚ ਦੇ ਝੰਡੇ ਨੂੰ ਬੁਲੰਦ ਕਰਦੇ ਹੋਏ, ਆਪਣੀ ਮੰਜਿ਼ਲ ਤੱਕ ਜਰੂਰ ਪਹੁੰਚਣਗੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਪੰਜਾਬ ਦੀ ਇਸ ਧਰਤੀ ਉਤੇ ਹਰ ਤਰ੍ਹਾਂ ਦੀ ਸਮਾਜਿਕ, ਵਿਤਕਰੇ ਭਰੀਆਂ ਕਾਰਵਾਈਆ ਨੂੰ ਕਤਈ ਬਰਦਾਸਤ ਨਹੀਂ ਕੀਤਾ ਸੀ। ਗੁਰੂ ਸਾਹਿਬਾਨ ਨੇ ਸਾਨੂੰ ਸੰਤ ਤੇ ਸਿਪਾਹੀ ਦੀ ਤਰ੍ਹਾਂ ਜੀਵਨ ਦੀਆਂ ਬਣਦੀਆ ਜਿ਼ੰਮੇਵਾਰੀਆਂ ਪੂਰਨ ਕਰਦੇ ਰਹਿਣ ਦਾ ਉਪਦੇਸ਼ ਦਿੱਤਾ ਹੈ।

- Advertisement -