ਨਹਿਰੀ ਪਾਣੀ ਤੇ ਅਧਾਰਤ ਪ੍ਰੋਜ਼ੈਕਟਾਂ ਤੇ ਸਰਕਾਰ ਖਰਚ ਕਰੇਗੀ 1100 ਕਰੋੜ
ਖਰਾਬ ਆਰਓ ਠੀਕ ਕਰਵਾਉਣ ਅਤੇ ਜਰੂਰਤ ਅਨੁਸਾਰ ਨਵੇਂ ਲਗਾਉਣ ਦੇ ਹੁਕਮ
ਜਲ ਸਪਲਾਈ ਮੰਤਰੀ ਵੱਲੋਂ ਸਰੱਹਦੀ ਪਿੰਡਾਂ ਦਾ ਦੌਰਾ ਕਰਕੇ ਪੀਣ ਦੇ ਪਾਣੀ ਦੀ ਉਪਲਬੱਧਤਾ ਦੀ ਸਮੀਖਿਆ
ਮੋਬਾਇਨ ਵਾਟਰ ਟੈਸਟਿੰਗ ਲੈਬ ਚਾਲੂ ਹੋਣਗੀਆਂ
ਫਾਜ਼ਿਲਕਾ, 25 ਜੁਲਾਈ, ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਸ੍ਰੀ ਬ੍ਰਮ ਸੰਕਰ ਸ਼ਰਮਾ ਜਿੰਪਾ ਨੇ ਅੱਜ ਫਾਜਿ਼ਲਕਾ ਜਿ਼ਲ੍ਹੇ ਦੇ ਦੌਰੇ ਦੌਰਾਨ ਆਖਿਆ ਹੈ ਕਿ ਪੰਜਾਬ ਸਰਕਾਰ ਨਹਿਰੀ ਪਾਣੀ ਤੇ ਅਧਾਰਤ ਵੱਡੇ ਵਾਟਰ ਵਰਕਸਾਂ ਦੇ ਨਿਰਮਾਣ ਤੇ 1100 ਕਰੋੜ ਰੁਪਏ ਖਰਚ ਕਰਨ ਜਾ ਰਹੀ ਹੈ। ਇਸ ਵਿਚੋਂ ਫਾਜਿ਼ਲਕਾ ਜਿ਼ਲ੍ਹੇ ਵਿਚ 749 ਕਰੋੜ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਤੇ ਅਧਾਰਤ ਦੋ ਮੈਗਾ ਵਾਟਰ ਵਰਕਸ ਬਣਾਏ ਜਾਣਗੇ ਜਿੱਥੋਂ ਜਿ਼ਲ੍ਹੇ ਦੀ 7.73 ਲੱਖ ਦੀ ਪੇਂਡੂ ਅਬਾਦੀ ਤੱਕ ਸਾਫ ਪੀਣ ਦਾ ਪਾਣੀ ਪਹੁੰਚਾਇਆ ਜਾਵੇਗਾ।
ਅੱਜ ਕੌਮਾਂਤਰੀ ਸਰਹੱਦ ਦੇ ਨਾਲ ਵਸੇ ਪਿੰਡਾਂ ਤੇਜਾ ਰੁਹੇਲਾ ਅਤੇ ਦੋਨਾ ਨਾਨਕਾਂ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਆਖਿਆ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਖੁਦ ਇੰਨ੍ਹਾਂ ਪਿੰਡਾਂ ਨਾਲ ਤਦ ਤੋਂ ਜ਼ੁੜੇ ਹੋਏ ਹਨ ਜਦ ਹਾਲੇ ਉਹ ਸਿਆਸਤ ਵਿਚ ਵੀ ਨਹੀਂ ਆਏ ਸੀ ਅਤੇ ਹੁਣ ਵੀ ਉਨ੍ਹਾਂ ਨੇ ਇੰਨ੍ਹਾਂ ਪਿੰਡਾਂ ਦੀਆਂ ਮੁਸਕਿਲਾਂ ਦੂਰ ਕਰਨ ਲਈ ਵਿਸੇਸ਼ ਤੌਰ ਤੇ ਉਨ੍ਹਾਂ ਨੂੰ ਇੱਥੇ ਭੇਜਿਆ ਹੈ।
ਉਨ੍ਹਾਂ ਨੇ ਇਸ ਮੌਕੇ ਐਲਾਣ ਕੀਤਾ ਕਿ ਨਹਿਰੀ ਪਾਣੀ ਤੇ ਅਧਾਰਤ ਫਾਜਿ਼ਲਕਾ ਦੇ ਦੋਨੋਂ ਮੈਗਾ ਪ੍ਰੋਜ਼ੈਕਟ ਕ੍ਰਮਵਾਰ ਪਿੰਡ ਪੱਤਰੇਵਾਲਾ ਵਿਖੇ ਅਤੇ ਪਿੰਡ ਘੱਟਿਆਂਵਾਲੀ ਵਿਖੇ 2024 ਤੱਕ ਬਣ ਕੇ ਤਿਆਰ ਹੋ ਜਾਣਗੇ।ਪਰ ਤਦ ਤੱਕ ਲਈ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸਾਰੇ ਪਿੰਡਾਂ ਦੇ ਖਰਾਬ ਆਰਓ ਪਲਾਂਟ ਠੀਕ ਕੀਤੇ ਜਾਣ ਅਤੇ ਜਿੱਥੇ ਕਿਤੇ ਨਵੇਂ ਆਰਓ ਜਾਂ ਟਿਊਬਵੈਲ ਲਗਾਉਣ ਦੀ ਜਰੂਰਤ ਹੈ ਉਹ ਤੁਰੰਤ ਲਗਾਏ ਜਾਣ। ਉਨ੍ਹਾਂ ਨੇ ਲੋਕਾਂ ਨੂੰ ਵਚਨ ਦਿੱਤਾ ਕਿ ਪੀਣ ਦੇ ਸਾਫ ਪਾਣੀ ਦੀ ਉਪਲਬੱਧਤਾ ਹਰ ਹਾਲ ਯਕੀਨੀ ਬਣਾਈ ਜਾਵੇਗੀ।
ਇਸ ਮੌਕੇ ਸ੍ਰੀ ਬ੍ਰਮ ਸੰਕਰ ਸ਼ਰਮਾ ਜਿੰਪਾ ਨੇ ਇੱਥੋਂ ਲੰਘਦੇ ਸਤਲੁਜ਼ ਦਰਿਆ ਦਾ ਵੀ ਦੌਰਾ ਕੀਤਾ ਅਤੇ ਸਥਾਨਕ ਵਿਧਾਇਕ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਦੀ ਮੰਗ ਅਨੁਸਾਰ ਐਲਾਣ ਕੀਤਾ ਕਿ ਨਦੀ ਦੇ ਬੈੱਡ ਦੀ ਸਫਾਈ ਕਰਵਾਈ ਜਾਵੇਗੀ ਤਾਂ ਜ਼ੋ ਹੜ੍ਹ ਦਾ ਪਾਣੀ ਨਦੀ ਦੇ ਵਿਚੋਂ ਵਿਚੋਂ ਨਿਕਲ ਜਾਵੇ ਅਤੇ ਨਦੀ ਉੱਛਲ ਕੇ ਖੇਤਾਂ ਦਾ ਨੁਕਸਾਨ ਨਾ ਕਰੇ।
ਜਲ ਸਪਲਾਈ ਅਤੇ ਸੈਨੀਟੈਸ਼ਨ ਮੰਤਰੀ ਨੇ ਇਸ ਮੌਕੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਵਿਭਾਗ ਜਲਦ ਹੀ ਮੋਬਾਇਲ ਪਾਣੀ ਜਾਂਚ ਪ੍ਰਯੋਗਸਾ਼ਲਾਵਾਂ ਸ਼ੁਰੂ ਕਰੇਗਾ ਜ਼ੋਕਿ ਪਿੰਡਾਂ ਵਿਚ ਆ ਕੇ ਪੀਣ ਦੇ ਪਾਣੀ ਦੀ ਜਾਂਚ ਕਰਕੇ ਮੌਕੇ ਤੇ ਹੀ ਨਤੀਜੇ ਦੇਣਗੀਆਂ। ਉਨ੍ਹਾਂ ਨੇ ਇਸ ਮੌਕੇ ਲੋਕਾਂ ਨੂੰ ਅਨਮੋਲ ਪਾਣੀ ਦੀ ਸੰਯਮ ਨਾਲ ਵਰਤੋਂ ਕਰਨ ਦੀ ਅਪੀਲ ਵੀ ਕੀਤੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਇੰਨ੍ਹ ਬਿੰਨ੍ਹ ਲਾਗੂ ਕਰੇਗੀ ਜਿਵੇਂ ਕਿ 600 ਯੁਨਿਟ ਬਿਜਲੀ ਮਾਫੀ ਦਾ ਮਹੱਤਵਪੂਰਨ ਵਾਅਦਾ ਸਰਕਾਰ ਨੇ ਪੂਰਾ ਕਰ ਦਿੱਤਾ ਹੈ।ਇਸ ਮੌਕੇ ਕੌਮਾਂਤਰੀ ਸਰਹੱਦ ਤੇ ਚੌਕੀ ਤੇ ਜਾ ਕੇ ਕੈਬਨਿਟ ਮੰਤਰੀ ਨੇ ਤਿੰਰਗੇ ਨੂੰ ਸਲਾਮੀ ਵੀ ਦਿੱਤੀ। ਉਨ੍ਹਾਂ ਨੇ ਤੇਜਾ ਰੁਹੇਲਾ ਦਾ ਸਰਕਾਰੀ ਸਕੂਲ ਵੀ ਵੇਖਿਆ।
ਇਸ ਮੌਕੇ ਸਥਾਨਕ ਵਿਧਾਇਕ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਨੇ ਕੈਬਨਿਟ ਮੰਤਰੀ ਨੂੰ ਜੀਆਇਆਂ ਨੂੰ ਆਖਦਿਆਂ ਦੱਸਿਆ ਕਿ ਇਸ ਇਲਾਕੇ ਨਾਲ ਮੁੱਖ ਮੰਤਰੀ ਸ: ਭਗਵੰਤ ਮਾਨ ਨੇੜੇ ਤੋਂ ਜ਼ੁੜੇ ਹੋਏ ਹਨ। ਉਨ੍ਹਾਂ ਨੇ ਇਲਾਕੇ ਦੀਆਂ ਹੋਰ ਮੰਗਾਂ ਦੀ ਮੰਤਰੀ ਸਨਮੁੱਖ ਰੱਖੀਆਂ।ਇਸ ਮੌਕੇ ਪਿੰਡ ਦੇ ਲੋਕਾਂ ਨੇ ਬਹੁਤ ਹੀ ਭਾਵੁਕ ਹੁੰਦਿਆਂ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਇੰਨ੍ਹਾਂ ਪਿੰਡਾਂ ਨਾਲ ਸਾਂਝ ਦਾ ਜਿਕਰ ਕੀਤਾ।
ਇਸ ਤੋਂ ਪਹਿਲਾਂ ਜਿ਼ਲ੍ਹੇ ਵਿਚ ਪਹੁੰਚਣ ਤੇ ਕੈਬਨਿਟ ਮੰਤਰੀ ਨੂੰ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ। ਜਦ ਕਿ ਇੱਥੇ ਉਨ੍ਹਾਂ ਨੇ ਵਿਭਾਗ ਦੇ ਕੰਮਾਂ ਦੀ ਸਮੀਖਿਆ ਲਈ ਅਧਿਕਾਰੀਆਂ ਨਾਲ ਬੈਠਕ ਵੀ ਕੀਤੀ।
ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ, ਜਲ ਸਪਲਾਈ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸ੍ਰੀ ਡੀਕੇ ਤਿਵਾੜੀ, ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ, ਐਸਐਸਪੀ ਸ੍ਰੀ ਭੁਪਿੰਦਰ ਸਿੰਘ, ਏਡੀਸੀ ਜਨਰਲ ਸ੍ਰੀ ਹਰਚਰਨ ਸਿੰਘ, ਐਸਡੀਐਮ ਸ੍ਰੀ ਅਕਾਸ਼ ਬਾਂਸਲ, ਮੁੱਖ ਇੰਜਨੀਅਰ ਸ੍ਰੀ ਜ਼ੇਜ਼ੇ ਗੋਇਲ, ਕਾਰਜਕਾਰੀ ਇੰਜਨੀਅਰ ਸ੍ਰੀ ਸਮਿੰਦਰ ਸਿੰਘ ਅਤੇ ਅੰਮ੍ਰਿਤਦੀਪ ਸਿੰਘ ਭੱਠਲ, ਆਪ ਦੇ ਜਿ਼ਲ੍ਹਾ ਪ੍ਰਧਾਨ ਸ੍ਰੀ ਸੁਨੀਲ ਸਚਦੇਵਾ, ਸ੍ਰੀ ਹਿਮਾਂਸੂ ਬਿੰਦਲ ਆਦਿ ਵੀ ਹਾਜਰ ਸਨ।